

ਪੰਜਾਬ ਤੇ ਨਾਲ ਦੇ ਸੂਬਿਆਂ ‘ਚ ਬਰਸਾਤ ਕਾਰਨ ਹਾਲਾਤ ਹੜ੍ਹ ਵਾਲੇ ਬਣੇ ਹੋਏ ਹਨ। ਬਹੁਤ ਸਾਰੀਆਂ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਖੌਫਨਾਕ ਮੰਜ਼ਰ ਨੂੰ ਦੇਖਿਆ ਜਾ ਸਕਦਾ ਹੈ।
ਇਸ ਵਿਚਾਲੇ ਪੰਜਾਬੀ ਗਾਇਕ ਮਨਮੋਹਨ ਵਾਰਿਸ ਨੇ ਇਕ ਵੀਡੀਓ ਆਪਣੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਪਿੰਡ ਹੱਲੂਵਾਲ ਦੇ ਹਾਲਾਤ ਬਿਆਨ ਕੀਤੇ ਹਨ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪਿੰਡ ‘ਚ ਪਾਣੀ ਭਰਿਆ ਪਿਆ ਹੈ ਤੇ ਇਸ ਦਾ ਵਹਾਅ ਕਿੰਨਾ ਤੇਜ਼ ਹੈ। ਮਨਮੋਹਨ ਵਾਰਿਸ ਲਿਖਦੇ ਹਨ, ”ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਰਸਾਤ ਦੇ ਮੀਂਹ ਨਾਲ ਹੜ੍ਹਾਂ ਵਾਲੀ ਸਥਿਤੀ ਬਣੀ ਹੋਈ ਹੈ ਪਰ ਸਾਡੇ ਪਿੰਡ ਹੱਲੂਵਾਲ ‘ਚ ਚੋਅ ਦਾ ਬੰਨ੍ਹ ਟੁੱਟਣ ਕਾਰਨ ਹਾਲਤ ਬਹੁਤ ਚਿੰਤਾਜਨਕ ਬਣ ਗਈ ਹੈ। ਇਹ ਵੀਡੀਓ ਸਾਡੇ ਪਿੰਡ ਦੀ ਹੈ। ਫਸਲਾਂ ਜਾਂ ਖੇਤਾਂ ਦੀ ਗੱਲ ਛੱਡੋ, ਪਾਣੀ ਘਰਾਂ ‘ਚ ਵੜ ਗਿਆ ਹੈ ਤੇ ਵਹਾਅ ਵੀ ਬਹੁਤ ਤੇਜ਼ ਹੈ।”
ਮਨਮੋਹਨ ਵਾਰਿਸ ਨੇ ਕੈਪਸ਼ਨ ‘ਚ ਅੱਗੇ ਲਿਖਿਆ, ”ਇਹੋ-ਜਿਹੀ ਸਥਿਤੀ ਹੋਰ ਇਲਾਕਿਆਂ ਜਾਂ ਹੋਰ ਪਿੰਡਾਂ-ਸ਼ਹਿਰਾਂ ਦੀ ਵੀ ਬਣੀ ਹੋਵੇਗੀ ਪਰ ਸਾਡੇ ਤਾਂ ਬਜ਼ੁਰਗਾਂ ਤੋਂ ਲੈ ਕੇ ਅੱਜ ਤੱਕ ਇਸ ਮੁਸ਼ਕਿਲ ਦਾ ਕੋਈ ਹੱਲ ਨਹੀਂ ਨਿਕਲਿਆ। ਸਾਡੇ ਪਿੰਡ ਦੇ ਨੌਜਵਾਨ ਬਜ਼ੁਰਗਾਂ ਤੇ ਬੱਚਿਆਂ ਦਾ ਖਿਆਲ ਰੱਖ ਰਹੇ ਹਨ ਪਰ ਪਿੰਡ ਦਾ ਸੰਪਰਕ ਹੋਰ ਪਿੰਡਾਂ ਨਾਲੋਂ ਟੁੱਟ ਚੁੱਕਿਆ ਹੈ। ਪ੍ਰਮਾਤਮਾ ਭਲੀ ਕਰੇ।”