


ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਕਰਕੇ ਦੱਸਿਆ ਕਿ ਗੈਂਗਸਟਰ ਪੈਰੀ ਫਰੀਦਕੋਟ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਸਣੇ ਪੰਜਾਬ ਤੇ ਹਰਿਆਣਾ ਵਿੱਚ ਲਗਪਗ ਇੱਕ ਦਰਜਨ ਮਾਮਲਿਆਂ ਵਿੱਚ ਸ਼ਾਮਲ ਸੀ। ਡੀਜੀਪੀ ਮੁਤਾਬਕ ਪੈਰੀ ਗੋਲਡੀ ਬਰਾੜ ਦੇ ਗੈਂਗ ਦਾ ਸਰਗਰਮ ਮੈਂਬਰ ਹੈ ਤੇ ਹਿਮਾਚਲ ਪ੍ਰਦੇਸ਼ ਵਿੱਚ ਬੈਠ ਕੇ ਗੈਂਗ ਨੂੰ ਚਲਾ ਰਿਹਾ ਸੀ।
ਪੰਜਾਬ ਪੁਲਿਸ ਨੇ ਪੈਰੀ ਨੂੰ ਗ੍ਰਿਫ਼ਤਾਰ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਉਹ ਸੁੰਦਰਨਗਰ ਦੇ ਇੱਕ ਹੋਟਲ ਵਿੱਚ ਚਾਰ ਪੰਜ ਦਿਨਾਂ ਤੋਂ ਠਹਿਰਿਆ ਹੋਇਆ ਸੀ।
ਦਸ ਦਈਏ ਕਿ 10 ਨਵੰਬਰ 2022 ਨੂੰ ਫਰੀਦਕੋਟ ਵਿੱਚ ਡੇਰੇ ਪ੍ਰੇਮੀ ਪ੍ਰਦੀਪ ਦਾ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਲਈ ਪਹੁੰਚਿਆ ਸੀ। ਪ੍ਰਦੀਪ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਕਈ ਗੈਂਗਸਟਰ ਫੜੇ। ਇਸ ਮਾਮਲੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੂੰ ਫੰਡਿੰਗ ਦੇ ਦੋਸ਼ ਵਿੱਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਉਸ ‘ਤੇ ਇਕ ਗੈਂਗਸਟਰ ਦੇ ਖਾਤੇ ‘ਚ ਪੈਸੇ ਟਰਾਂਸਫਰ ਕਰਨ ਦਾ ਦੋਸ਼ ਸੀ। ਇਸ ਮਾਮਲੇ ‘ਚ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਟੀਮ ਕਈ ਲੋਕਾਂ ਨੂੰ ਜੇਲ ‘ਚੋਂ ਲਿਆ ਕੇ ਪੁੱਛਗਿੱਛ ਕਰ ਰਹੀ ਸੀ। ਇਸੇ ਕੜੀ ‘ਚ ਇਹ ਗ੍ਰਿਫਤਾਰੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕੁਝ ਹੋਰ ਭੇਦ ਖੁੱਲ੍ਹ ਸਕਦੇ ਹਨ। ਕਿਉਂਕਿ ਪੈਰੀ ਟ੍ਰਾਈਸਿਟੀ ਵਿੱਚ ਬਹੁਤ ਸਰਗਰਮ ਸੀ ਅਤੇ ਕਈ ਘਟਨਾਵਾਂ ਪਿੱਛੇ ਉਸਦਾ ਹੱਥ ਸੀ।